
ਚੰਡੀਗੜ੍ਹ : ਆਮ ਆਦਮੀ ਪਾਰਟੀ ( ਆਪ ) ਦੀ ਮਹਿਲਾ ਵਿੰਗ ਦੀ ਜਰਨਲ ਸਕੱਤਰ ਸੁਰਿੰਦਰ ਕੌਰ ਨੇ ਪਿਛਲੇ ਕਈ ਦਿਨਾਂ ਤੋਂ ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਲੀਡਰਾਂ ਖਿਲਾਫ ਫੈਲਾਈਆ ਜਾ ਰਹੀਆ ਉਹਨਾਂ ਸਾਰੀਆ ਖਬਰਾਂ ਦੀ ਸਖਤ ਸ਼ਬਦਾ ‘ਚ ਨਿੰਦਾ ਕੀਤੀ , ਜਿਨਾਂ ਮੁਤਾਬਕ ਆਮ ਆਦਮੀ ਪਾਰਟੀ ਦਿੱਲੀ ਤੋਂ ਆਏ ਲੀਡਰਾਂ ਵਲੋਂ ਪੰਜਾਬ ਵਿਚ ‘ਆਪ’ ਵਲੰਟੀਅਰ ਔਰਤਾਂ ਦਾ ਸੋਸ਼ਨ ਕੀਤਾ ਜਾ ਰਿਹਾ ਹੈ।
ਸੁਰਿੰਦਰ ਕੌਰ ਨੇ ਸ਼ਨੀਵਾਰ ਨੂੰ ਪ੍ਰੈਸ ਨੋਟ ਜਾਰੀ ਕਰਦਿਆ ਕਿਹਾ ਕਿ ਅਜਿਹੇ ਝੂਠੇ ਇਲਜ਼ਾਮ ਅਜਿਹੇ ਲੋਕਾਂ ਵਲੋਂ ਲਗਾਏ ਜਾ ਰਹੇ ਹਨ ਜੋ ਪਾਰਟੀ ਵਿਚ ਸਿਰਫ ਟਿਕਟਾਂ ਲੈਣ ਲਈ ਸ਼ਾਮਲ ਹੋਏ ਸਨ ਅਤੇ ਜਦ ਉਹਨਾਂ ਨੂੰ ਟਿਕਟਾਂ ਨਾ ਮਿਲੀਆ ਤਾਂ ਉਹਨਾਂ ਨੇ ਪਾਰਟੀ ਨੂੰ ਬਦਨਾਮ ਕਰਨਾ ਸ਼ੁਰੂ ਕਰ ਦਿਤਾ। ਉਹਨਾਂ ਇਸਨੂੰ ਵਿਰੋਧੀ ਪਾਰਟੀ ਅਕਾਲੀ ਦਲ ਅਤੇ ਬੀਜੇਪੀ ਦੀ ਸਾਜਿਸ਼ ਕਰਾਰ ਦਿਤਾ।
ਸੁਰਿੰਦਰ ਕੌਰ ਨੇ ਪੰਜਾਬ ਦੇ ਸੱਤਾਧਾਰੀ ਅਕਾਲੀ ਦਲ ਤੇ ਨਿਸ਼ਾਨਾ ਸਾਧਦਿਆ ਕਿਹਾ ਕਿ ਹੁਕਮਰਾਨ ਧਿਰ ਜੋ ਖੁਦ ਫਰੀਦਕੋਟ ਸ਼ਰੂਤੀ ਕਾਂਡ ਦੇ ਦੋਸ਼ੀਆ ਨਾਲ ਸਿਧੇ ਸਬੰਧਤ ਰਖਣ ਵਾਲੀ ਹੈ। ਇਸ ਤੋਂ ਬਿਨਾ ਅੰਮ੍ਰਿਤਸਰ ਯੂਥ ਅਕਾਲੀ ਦਲ ਦੇ ਲੀਡਰ ਵਲੋਂ ਲੜਕੀ ਨਾਲ ਛੇੜਖਾਨੀ ਕਰਨ ਤੇ ਜਦ ਉਸਦੇ ਇੰਸਪੈਕਟਰ ਪਿਤਾ ਨੇ ਆਪਣੀ ਧੀ ਦਾ ਬਚਾਅ ਕੀਤਾ ਤਾਂ ਉਸਨੂੰ ਮਾਰ ਦਿਤਾ ਗਿਆ ਸੀ। ਇਹ ਵੀ ਕਿਸੇ ਨੂੰ ਭੁਲਿਆ ਨਹੀਂ ਕਿ ਆਰੋਪੀ ਕਿਹੜੀ ਸਿਆਸੀ ਪਾਰਟੀ ਨਾਲ ਸਬੰਧ ਰਖਦਾ ਸੀ। ਸੁਰਿੰਦਰ ਕੌਰ ਨੇ ਉਸ ਘਟਨਾ ਦਾ ਵੀ ਜਿਕਰ ਕੀਤਾ ਜਿਸ ਚ ਗੁਰਦਾਸਪੁਰ ਜ਼ਿਲੇ ਦੇ ਪਿੰਡ ਸਿੰਘਪੁਰਾ ‘ਚ ਸਕੂਲ ਤੋਂ ਆ ਰਹੀਆ ਕੁੜੀਆ ‘ਤੇ ਤੇਜ਼ਾਬ ਨਾਲ ਹਮਲਾ ਕਰ ਦਿਤਾ ਗਿਆ ਸੀ।
ਪੰਜਾਬ ਦੀਆ ਧੀਆ ਦੀ ਬਹਾਦਰੀ ਦੀ ਮਿਸਾਲ ਦਿੰਦਿਆ ਉਹਨਾਂ ਕਿਹਾ ਕਿ ਪੰਜਾਬ ਦੀਆ ਧੀਆ ਮਾਈ ਭਾਗੋ, ਬੀਬੀ ਸਾਹਿਬ ਕੌਰ , ਬੀਬੀ ਗੁਰਸ਼ਰਨ ਕੌਰ, ਬੀਬੀ ਗੁਲਾਬ ਕੌਰ ਦੀਆ ਵਾਰਿਸ ਹਨ। ਸੁਰਿੰਦਰ ਕੌਰ ਨੇ ਸਾਰੀਆ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਪੰਜਾਬ ਦੀਆਂ ਬਹਾਦਰ ਧੀਆਂ ਉਤੇ ਤੰਗ ਸੋਚ ਵਾਲੀ ਸਿਆਸਤ ਨਾ ਕੀਤੀ ਜਾਵੇ। ਬਲਕਿ ਪੰਜਾਬ ਦੇ ਅਸਲ ਮੁੱਦਿਆ ਬੇਰੋਜ਼ਗਾਰੀ, ਨਸ਼ੇ, ਸਿਖਿਆ, ਔਰਤਾਂ ਤੇ ਹੋ ਰਹੇ ਅਤਿਆਚਾਰ ਜਿਹੇ ਗੰਭੀਰ ਮੁੱਦਿਆ ਨੂੰ ਹਲ ਕਰਨ ਤੇ ਗੱਲ ਹੋਣੀ ਚਾਹੀਦੀ ਹੈ।