ਭਾਰਤ ਤੋਂ ਅਮਰੀਕਾ ਭੇਜੇ ਗਏ ਅੰਬਾਂ ਦੀਆਂ ਕਈ ਖੇਪਾਂ ਨੂੰ ਅਮਰੀਕੀ ਅਧਿਕਾਰੀਆਂ ਨੇ ਖਾਰਿਜ ਕਰ ਦਿੱਤਾ ਹੈ। ਦਸਤਾਵੇਜ਼ਾਂ ਦੀ ਖਾਮੀ ਕਾਰਨ ਘੱਟੋ-ਘੱਟ 15 ਸ਼ਿਪਮੈਂਟਾਂ ਨੂੰ ਰੱਦ ਕਰ ਦਿੱਤਾ ਗਿਆ। ਇਨ੍ਹਾਂ ਅੰਬਾਂ ਨੂੰ ਮੁੰਬਈ ਵਿੱਚ ਨਿਰਧਾਰਤ ਪ੍ਰਕਿਰਿਆ ਅਨੁਸਾਰ ਰੇਡੀਏਸ਼ਨ ਟ੍ਰੀਟਮੈਂਟ (Irradiation) ਦੇਣ ਤੋਂ ਬਾਅਦ ਹਵਾਈ ਕਾਰਗੋ ਰਾਹੀਂ ਅਮਰੀਕਾ ਭੇਜਿਆ ਗਿਆ ਸੀ, ਪਰ ਲਾਸ ਏਂਜਲਸ, ਸੈਨ ਫਰਾਂਸਿਸਕੋ ਅਤੇ ਅਟਲਾਂਟਾ ਹਵਾਈ ਅੱਡਿਆਂ ਉਤੇ ਇਨ੍ਹਾਂ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ।
ਭਾਰਤ ਤੋਂ ਅਮਰੀਕਾ ਭੇਜੇ ਗਏ ਅੰਬਾਂ ਨੂੰ 8 ਅਤੇ 9 ਮਈ ਨੂੰ ਵਾਸ਼ੀ, ਨਵੀਂ ਮੁੰਬਈ ਵਿਖੇ ਸਥਿਤ ਸਵਿਧਾ ਕੇਂਦਰ ਉਤੇ ਅਮਰੀਕੀ ਖੇਤੀਬਾੜੀ ਵਿਭਾਗ (USDA) ਦੀ ਨਿਗਰਾਨੀ ਹੇਠ ਰੇਡੀਏਸ਼ਨ ਟ੍ਰੀਟਮੈਂਟ ਦਿੱਤਾ ਗਿਆ। ਇਹ ਪ੍ਰਕਿਰਿਆ ਕੀੜਿਆਂ ਨੂੰ ਖਤਮ ਕਰਨ ਅਤੇ ਸ਼ੈਲਫ ਲਾਈਫ ਵਧਾਉਣ ਲਈ ਲਾਜ਼ਮੀ ਹੈ। ਪਰ ਅਮਰੀਕੀ ਅਧਿਕਾਰੀਆਂ ਨੇ ਰੇਡੀਏਸ਼ਨ ਨਾਲ ਸਬੰਧਤ ਦਸਤਾਵੇਜ਼ਾਂ (ਖਾਸ ਕਰਕੇ PPQ203 ਫਾਰਮ) ਵਿੱਚ ਗੜਬੜੀ ਦਾ ਹਵਾਲਾ ਦਿੰਦੇ ਹੋਏ, ਇਹਨਾਂ ਸ਼ਿਪਮੈਂਟਾਂ ਨੂੰ ਦਾਖਲ ਹੋਣ ਦੀ ਆਗਿਆ ਨਹੀਂ ਦਿੱਤੀ।
PPQ203 ਇੱਕ ਮਹੱਤਵਪੂਰਨ ਸਰਟੀਫਿਕੇਟ ਹੈ, ਜੋ ਕਿ ਭਾਰਤ ਵਿੱਚ ਸਿਰਫ਼ ਅਮਰੀਕੀ ਅਧਿਕਾਰੀਆਂ ਦੁਆਰਾ ਜਾਰੀ ਕੀਤਾ ਜਾਂਦਾ ਹੈ। ਨਿਰਯਾਤਕ ਕਹਿੰਦੇ ਹਨ ਕਿ ਇਹ ਉਨ੍ਹਾਂ ਦੀ ਗਲਤੀ ਨਹੀਂ ਹੈ, ਸਗੋਂ ਨਵੀਂ ਮੁੰਬਈ ਦੇ ਰੇਡੀਏਸ਼ਨ ਸੈਂਟਰ ਦੀ ਗਲਤੀ ਹੈ। ਇੱਕ ਨਿਰਯਾਤਕ ਨੇ ਕਿਹਾ, “ਅਸੀਂ ਕੋਈ ਗਲਤੀ ਨਹੀਂ ਕੀਤੀ, ਫਿਰ ਵੀ ਸਾਨੂੰ ਇਸ ਦੀ ਸਜ਼ਾ ਦਿੱਤੀ ਜਾ ਰਹੀ ਹੈ।”
Source link