ਦਿਲਬਾਗ ਸਿੰਘ ਗਿੱਲ
ਅਟਾਰੀ, 17 ਮਈ
ਥਾਣਾ ਘਰਿੰਡਾ ਦੇ ਪਿੰਡ ਰਾਮਪੁਰਾ ਵਿਖੇ ਘਰੋਂ ਟਿਊਸ਼ਨ ਪੜ੍ਹਨ ਗਈ ਲਾਪਤਾ ਹੋਈ ਲੜਕੀ ਦੀ ਲਾਸ਼ ਪਿੰਡ ਦੇ ਛੱਪੜ ‘ਚੋਂ ਬਰਾਮਦ ਹੋਈ ਹੈ। ਮਤਰੇਈ ਮਾਂ ਨੇ ਲੜਕੀ ਦੀ ਕਥਿਤ ਤੌਰ ‘ਤੇ ਹੱਤਿਆ ਕਰ ਕੇ ਲਾਸ਼ ਪਿੰਡ ਦੇ ਛੱਪੜ ਵਿੱਚ ਸੁੱਟ ਦਿੱਤੀ ਸੀ। ਇਸ ਸਬੰਧੀ ਡੀਐੱਸਪੀ ਅਟਾਰੀ ਪ੍ਰਵੇਸ਼ ਚੋਪੜਾ ਨੇ ਦੱਸਿਆ ਕਿ ਮੰਗਲਵਾਰ ਦੇਰ ਰਾਤ ਜਦੋਂ ਔਰਤ ਨੂੰ ਹਿਰਾਸਤ ‘ਚ ਲੈ ਕੇ ਸਖ਼ਤੀ ਨਾਲ ਪੁੱਛ ਪੜਤਾਲ ਕੀਤੀ ਤਾਂ ਉਸ ਨੇ ਦੋਸ਼ ਕਬੂਲ ਕਰ ਲਿਆ। ਬਾਅਦ ਵਿੱਚ ਲੜਕੀ ਦੀ ਲਾਸ਼ ਪਿੰਡ ਦੇ ਛੱਪੜ ‘ਚੋਂ ਬਰਾਮਦ ਕਰ ਲਈ। ਮ੍ਰਿਤਕ ਦੇ ਪਿਤਾ ਅਜੀਤ ਸਿੰਘ ਵਾਸੀ ਪਿੰਡ ਰਾਮਪੁਰਾ ਨੇ ਦੱਸਿਆ ਕਿ ਉਸ ਦੀ ਲੜਕੀ ਅਭਿਰੋਜ਼ਪ੍ਰੀਤ ਕੌਰ (7) 15 ਮਈ ਸ਼ਾਮ 4 ਵਜੇ ਘਰ ਤੋਂ ਕੁਝ ਕਦਮ ਦੂਰ ਗੁਆਂਢੀ ਦੇ ਘਰ ਟਿਊਸ਼ਨ ਪੜ੍ਹਨ ਗਈ ਪਰ ਉੱਥੇ ਨਹੀਂ ਪਹੁੰਚੀ। ਮਤਰੇਈ ਮਾਂ ਮਨੀ ਨੇ ਤੁਰੰਤ ਲੜਕੀ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਪਰ ਉਸ ਦਾ ਕਿਧਰੇ ਵੀ ਸੁਰਾਗ ਪਤਾ ਨਹੀਂ ਲੱਗਾ, ਜਿਸ ਤੋਂ ਬਾਅਦ ਉਸ ਨੇ ਤੁਰੰਤ ਥਾਣਾ ਘਰਿੰਡਾ ਵਿਖੇ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ। ਲੜਕੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਮਿਲਦੇ ਹੀ ਪੁਲੀਸ ਹਰਕਤ ‘ਚ ਆ ਗਈ ਅਤੇ ਅਭਿਰੋਜ਼ਪ੍ਰੀਤ ਦੀ ਭਾਲ ਸ਼ੁਰੂ ਕਰ ਦਿੱਤੀ। ਪੁਲੀਸ ਨੂੰ ਕੋਈ ਸਫ਼ਲਤਾ ਨਹੀਂ ਮਿਲੀ। ਅਖੀਰ ਜਦੋਂ ਮਤਰੇਈ ਮਾਂ ਕੋਲੋਂ ਸ਼ੱਕ ਦੇ ਆਧਾਰ ‘ਤੇ ਸਖ਼ਤੀ ਨਾਲ ਪੁੱਛ ਪੜਤਾਲ ਕੀਤੀ ਤਾਂ ਉਸ ਨੇ ਮੰਨ ਲਿਆ ਕਿ ਉਸ ਨੇ ਹੀ ਲੜਕੀ ਦਾ ਕਤਲ ਕਰਕੇ ਲਾਸ਼ ਨੂੰ ਛੱਪੜ ਵਿੱਚ ਸੁੱਟਿਆ ਸੀ।
Source link