
ਜਲੰਧਰ — ਅੱਜ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਭਾਜਪਾ ਆਗੂ ਅਟਲ ਬਿਹਾਰੀ ਵਾਜਪਾਈ ਦਾ 94ਵਾਂ ਜਨਮ ਦਿਵਸ ਹੈ। ਹਾਲਾਂਕਿ ਅਟਲ ਜੀ ਸਰੀਰਕ ਤੌਰ ‘ਤੇ ਸਾਡੇ ਨਾਲ ਨਹੀਂ ਹਨ ਪਰ ਉਨ੍ਹਾਂ ਦੀਆਂ ਯਾਦਾਂ ਹਮੇਸ਼ਾ ਸਾਡੇ ਨਾਲ ਹਨ। ਇਕ ਪਾਸੇ ਜਿੱਥੇ ਹਰ ਕੋਈ ਅਟਲ ਬਿਹਾਰੀ ਵਾਜਪਾਈ ਜੀ ਨੂੰ ਯਾਦ ਕਰ ਰਿਹਾ ਹੈ, ਉਥੇ ਹੀ ਕੁਝ ਲੋਕ ਅਜਿਹੇ ਵੀ ਹਨ, ਜਿਨ੍ਹਾਂ ਦੇ ਕੋਲ ਅੱਜ ਵੀ ਅਟਲ ਜੀ ਦੀਆਂ ਕੁਝ ਅਜਿਹੀਆਂ ਯਾਦਾਂ ਹਨ, ਜਿਨ੍ਹਾਂ ਨੂੰ ਉਹ ਸਾਰੀ ਉਮਰ ਨਹੀਂ ਭੁਲਾ ਸਕਦੇ। ਅਜਿਹੇ ਹੀ ਇਕ ਸ਼ਖਸ ਹਨ, ਪੰਜਾਬ ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ। ਅਟਲ ਜੀ ਦੇ ਜਨਮ ਦਿਨ ਮੌਕੇ ਉਨ੍ਹਾਂ ਨੂੰ ਯਾਦ ਕਰਦੇ ਹੋਏ ਮਨੋਰੰਜਨ ਕਾਲੀਆ ਨੇ ਕਿਹਾ ਕਿ ਅਟਲ ਜੀ ਅਜਿਹੇ ਸ਼ਖਸੀਅਤ ਅਤੇ ਨੇਤਾ ਸਨ, ਜਿਨ੍ਹਾਂ ਨੂੰ ਦੇਸ਼ ਕਦੇ ਵੀ ਭੁਲਾ ਨਹੀਂ ਸਕਦਾ। ਉਨ੍ਹਾਂ ਨੇ ਕਿਹਾ ਕਿ ਅਟਲ ਜੀ ਭਾਵੇਂ ਭਾਜਪਾ ਨੇਤਾ ਸਨ ਪਰ ਉਨ੍ਹਾਂ ਦੇ ਗੱਲ ਕਰਨ ਦੇ ਅੰਦਾਜ਼ ਦਾ ਹਰ ਪਾਰਟੀ ਦਾ ਆਗੂ ਅਤੇ ਆਮ ਵਿਅਕਤੀ ਕਾਇਲ ਸੀ।
ਉਨ੍ਹਾਂ ਨੇ ਕਿਹਾ ਕਿ ਅਟਲ ਜੀ ਨੂੰ ਬੱਚਿਆਂ ਦੇ ਨਾਲ ਬੇਹੱਦ ਪਿਆਰ ਸੀ। ਉਹ ਸਾਦਾ ਜੀਵਨ ਬਤੀਤ ਕਰਨ ਵਾਲੇ ਇਕ ਅਜਿਹੇ ਸ਼ਖਸ ਸਨ, ਜਿਨ੍ਹਾਂ ਨੇ ਦੇਸ਼ ਨੂੰ ਦੁਨੀਆ ਦੇ ਸਾਹਮਣੇ ਇਕ ਪਰਮਾਣੂ ਸ਼ਕਤੀ ਬਣਾਇਆ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਵੀ ਭਾਜਪਾ ਦੇ ਸੀਨੀਅਰ ਨੇਤਾ ਸਨ ਅਤੇ ਇਸ ਦੇ ਚਲਦਿਆਂ ਉਹ ਬਚਪਨ ਤੋਂ ਹੀ ਅਟਲ ਜੀ ਨੂੰ ਜਾਣਦੇ ਸਨ। ਕਈ ਵਾਰ ਉਨ੍ਹਾਂ ਦੀ ਅਟਲ ਜੀ ਦੇ ਨਾਲ ਮੁਲਾਕਾਤ ਵੀ ਹੋਈ। ਅਟਲ ਜੀ ਨਿੱਜੀ ਅਤੇ ਸਿਆਸੀ ਦੌਰਿਆਂ ਨੂੰ ਲੈ ਕੇ ਉਹ ਜਲੰਧਰ ਆਉਂਦੇ ਰਹੇ ਸਨ।