
ਨਵੀਂ ਦਿੱਲੀ, 11 ਅਗਸਤ
ਮੌਸਮ ਵਿਭਾਗ ਅਨੁਸਾਰ ਮੌਜੂਦਾ ਸਮੇਂ ਦੇਸ਼ ਦੇ ਕੁਝ ਹਿੱਸਿਆਂ ਵਿੱਚ ਮੌਨਸੂਨ ਕਮਜ਼ੋਰ ਹੈ ਤੇ ਇਹ ਰੁਝਾਨ ਅਗਲੇ ਪੰਜ ਦਿਨ ਹੋਰ ਚੱਲ ਸਕਦਾ ਹੈ। ਇਸੇ ਦੌਰਾਨ ਉੱਤਰ-ਪੂਰਬ ਅਤੇ ਦੇਸ਼ ਦੇ ਪੂਰਬੀ ਹਿੱਸਿਆਂ ਸਣੇ ਉੱਤਰ ਪ੍ਰਦੇਸ਼ (ਯੂਪੀ) ਤੇ ਬਿਹਾਰ ਵਿੱਚ ਮੀਂਹ ਦਾ ਮੌਜੂਦਾ ਦੌਰ 14 ਅਗਸਤ ਤੱਕ ਜਾਰੀ ਰਹੇਗਾ ਤੇ ਉਸ ਤੋਂ ਬਾਅਦ ਮੀਂਹ ਘਟਣ ਦੇ ਆਸਾਰ ਹਨ। ਦੇਸ਼ ਦੇ ਉੱਤਰੀ ਸੂਬੇ ਪੰਜਾਬ, ਹਰਿਆਣਾ ਤੇ ਰਾਜਸਥਾਨ, ਮੱਧ ਭਾਰਤ ਤੇ ਦੱਖਣੀ ਭਾਰਤ ਦੇ ਸੂਬੇ (ਕੇਰਲ ਤੇ ਤਾਮਿਲ ਨਾਡੂ ਨੂੰ ਛੱਡ ਕੇ) ਸਣੇ ਮਹਾਰਾਸ਼ਟਰ ਤੇ ਗੁਜਰਾਤ ਵਿੱਚ 15 ਅਗਸਤ ਤੱਕ ਘੱਟ ਮੀਂਹ ਪੈਣ ਦਾ ਦੌਰ ਜਾਰੀ ਰਹੇਗਾ। ਮੌਸਮ ਵਿਭਾਗ ਅਨੁਸਾਰ ਪਹਿਲੀ ਜੂਨ ਤੋਂ ਲੈ ਕੇ 10 ਅਗਸਤ ਤੱਕ ਦੇਸ਼ ਵਿੱਚ ਮੌਜੂਦਾ ਮੌਨਸੂਨ ਦੌਰ ਵਿੱਚ ਪੰਜ ਫੀਸਦ ਮੀਂਹ ਘੱਟ ਪਿਆ ਹੈ। ਇਸੇ ਤਰ੍ਹਾਂ ਆਸਾਮ ਤੇ ਮੇਘਾਲਿਆ ਵਿੱਚ 11 ਤੋਂ 13 ਅਗਸਤ ਤੱਕ ਭਾਰੀ ਮੀਂਹ ਪੈਣ ਦੇ ਆਸਾਰ ਹਨ ਅਤੇ ਉੱਤਰਾਖੰਡ ਵਿੱਚ 11 ਤੋਂ 15 ਅਗਸਤ ਤੇ ਹਿਮਾਚਲ ਪ੍ਰਦੇਸ਼ ਵਿੱਚ 12 ਤੋਂ 14 ਅਗਸਤ ਤੱਕ ਭਾਰੀ ਮੀਂਹ ਪੈ ਸਕਦਾ ਹੈ। -ਏਜੰਸੀ
Source link